ਬਰਨਾਲਾ, 2 ਅਕਤੂਬਰ :
ਡਾ. ਰਘੂਬੀਰ ਪ੍ਰਕਾਸ਼ ਐਸ. ਡੀ. ਸੀਨੀਅਰ ਸੈਕੰਡਰੀ ਸਕੂਲ, ਬਰਨਾਲਾ ਵਿੱਚ ਪ੍ਰਿੰਸੀਪਲ ਕਸ਼ਮੀਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਯੰਗ ਅੰਟਰਪਰਿਨਿਊਰ ਬਿਜ਼ਨਸ ਬਲਾਸਟਰ ਸਕੀਮ ਅਧੀਨ ਜ਼ਿਲ੍ਹਾ ਬਰਨਾਲਾ ਦੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਲਈ ਦੋ ਰੋਜ਼ਾ ਟ੍ਰੇਨਿੰਗ ਕੈਂਪ ਦਾ ਸੰਚਾਲਨ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਬਰਨਾਲਾ ਸ੍ਰੀ ਸੁਨੀਤਇੰਦਰ ਸਿੰਘ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਬਰਜਿੰਦਰ ਪਾਲ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।ਟ੍ਰੇਨਿੰਗ ਨੋਡਲ ਮੈਡਮ ਮੰਜੂ ਨੇ ਦੱਸਿਆ ਕਿ ਜ਼ਿਲ੍ਹੇ ਦੇ 119 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬਿਜ਼ਨਸ ਬਲਾਸਟਰ ਪ੍ਰੋਗਰਾਮ ਸਾਲ 2023 ਤੋਂ ਸਫ਼ਲਤਾਪੂਰਵਕ ਚੱਲ ਰਿਹਾ ਹੈ, ਜਿਸ ਦੇ ਤਹਿਤ ਲਗਭਗ 6000 ਵਿਦਿਆਰਥੀ ਹੁਣ ਤੱਕ ਲਾਭ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬਿਜ਼ਨਸ ਬਲਾਸਟਰ ਤਹਿਤ ਦੋ ਮੁੱਖ ਫੇਜ਼ ਹਨ – ਪ੍ਰੀ ਸੀਡ ਮਨੀ ਅਤੇ ਪੋਸਟ ਸੀਡ ਮਨੀ। ਪੋਸਟ ਸੀਡ ਮਨੀ ਹੇਠ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ 2000 ਰੁਪਏ ਦੇ ਹਿਸਾਬ ਨਾਲ 6 ਵਿਦਿਆਰਥੀਆਂ ਦੇ ਗਰੁੱਪ ਨੂੰ 12000 ਰੁਪਏ ਸੀਡ ਮਨੀ ਪ੍ਰਦਾਨ ਕੀਤੀ ਜਾਂਦੀ ਹੈ। ਵਿਦਿਆਰਥੀਆਂ ਦੇ ਵੱਧਦੇ ਉਤਸ਼ਾਹ ਨੂੰ ਦੇਖਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਇਸ ਸਾਲ ਤੋਂ 11ਵੀਂ ਜਮਾਤ ਵਿੱਚ ਉੱਦਮਤਾ (Entrepreneurship) ਨੂੰ ਲਾਜ਼ਮੀ ਵਿਸ਼ੇ ਵਜੋਂ ਸ਼ਾਮਿਲ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਵਿੱਚ ਉੱਦਮਤਾ ਦੇ ਗੁਣ ਵਿਕਸਿਤ ਹੋਣਗੇ। ਟ੍ਰੇਨਿੰਗ ਦੌਰਾਨ ਲੈਕਚਰਾਰ ਕਵਿਤਾ, ਮੈਡਮ ਨੀਲਮਣੀ, ਜਸਵੀਰ ਕੌਰ,ਵੋਕੇਸ਼ਨਲ ਟ੍ਰੇਨਰ ਹਰਪ੍ਰੀਤ ਸਿੰਘ (ਬੀ.ਬੀ. ਸ਼ਹਿਣਾ)ਵੱਲੋਂ ਉੱਦਮਤਾ ਵਿਸ਼ੇ 'ਤੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਕਸ਼ਮੀਰ ਸਿੰਘ ਨੇ ਦੱਸਿਆ ਕਿ ਦੋ ਰੋਜ਼ਾ ਟ੍ਰੇਨਿੰਗ ਵਿੱਚ 34 ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਅਤੇ ਨੋਡਲ ਬੀ.ਬੀ. ਅਧਿਆਪਕਾਂ ਨੇ ਭਾਗ ਲਿਆ। ਪ੍ਰੋਗਰਾਮ ਦੌਰਾਨ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਹੁਨਰ ਵਿਕਾਸ ਤੇ ਉੱਦਮਤਾ ਭਾਵਨਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਾਰੇ ਭਾਗੀਦਾਰ ਅਧਿਆਪਕਾਂ ਵੱਲੋਂ ਇਸ ਬਿਜ਼ਨਸ ਬਲਾਸਟਰ ਪ੍ਰੋਗਰਾਮ ਨੂੰ ਪੂਰਾ ਸਮਰਥਨ ਦਿੱਤਾ ਗਿਆ।