ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਬਾਰੇ ਕੀਤਾ ਗਿਆ ਵਿਚਾਰ ਵਟਾਂਦਰਾ -
ਸ੍ਰੀ ਮੁਕਤਸਰ ਸਾਹਿਬ , 21 ਅਕਤੂਬਰ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਦੀ ਪ੍ਰਧਾਨਗੀ ਹੇਠ ਹੋਈ ਖੰਡੇ ਵਾਲੇ ਪਾਰਕ ਵਿਖੇ ਹੋਈ । ਜਿਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਮੀਟਿੰਗ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਚਲਾਏ ਜਾ ਰਹੇ ਸੰਘਰਸ਼ ਨੂੰ ਕਾਮਯਾਬ ਕਰਨ ਲਈ ਵਰਕਰਾਂ ਤੇ ਹੈਲਪਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ । ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 2017 ਤੋਂ ਲੈ ਕੇ ਹੁਣ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਤੇ ਝੂਠੇ ਲਾਰਿਆਂ ਵਿੱਚ ਰੱਖਿਆ । ਉਹਨਾਂ ਕਿਹਾ ਕਿ ਇਸ ਸਮੇਂ ਦੌਰਾਨ ਨਾ ਤਾਂ ਮੁੱਖ ਮੰਤਰੀ ਨੇ ਯੂਨੀਅਨ ਦੇ ਵਫ਼ਦ ਨਾਲ ਕੋਈ ਮੀਟਿੰਗ ਕੀਤੀ ਤੇ ਨਾ ਹੀ ਖਜ਼ਾਨਾ ਮੰਤਰੀ ਨੇ , ਜਿਸ ਕਰਕੇ ਜਥੇਬੰਦੀ ਨੂੰ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਕਰਨਾ ਪੈ ਰਿਹਾ ਹੈ । ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ ਤੇ ਨਰਸਰੀ ਟੀਚਰ ਦਾ ਦਰਜਾ ਵਰਕਰਾਂ ਨੂੰ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ । ਆਂਗਣਵਾੜੀ ਸੈਂਟਰਾਂ ਵਿੱਚ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲਾ ਰਾਸ਼ਨ ਠੇਕੇਦਾਰੀ ਸਿਸਟਮ ਅਧੀਨ ਦੇਣਾ ਬੰਦ ਕੀਤਾ ਜਾਵੇ ਅਤੇ ਪਹਿਲਾਂ ਵਾਂਗ ਹੀ ਦਿੱਤਾ ਜਾਵੇ । ਇਸ ਮੌਕੇ ਆਗੂਆਂ ਨੇ ਦੱਸਿਆ ਕਿ 23 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਘਰ ਅੱਗੇ ਭੁੱਖ ਹੜਤਾਲ ਰੱਖ ਕੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ । ਮੀਟਿੰਗ ਵਿੱਚ ਕਿਰਨਜੀਤ ਕੌਰ ਭੰਗਚੜ੍ਹੀ , ਜਸਵਿੰਦਰ ਕੌਰ ਦੋਦਾ , ਇੰਦਰਪਾਲ ਕੌਰ ਮੁਕਤਸਰ , ਸਰਬਜੀਤ ਕੌਰ ਕੌੜਿਆਂਵਾਲੀ , ਮਨਜੀਤ ਕੌਰ ਡੋਹਕ , ਨਰਿੰਦਰ ਕੌਰ ਕੋਟਲੀ ਸੰਘਰ , ਰਾਜਪਾਲ ਕੌਰ ਚੜੇਵਾਨ , ਹਰਪ੍ਰੀਤ ਕੌਰ ਮੁਕਤਸਰ , ਸੁਖਵਿੰਦਰ ਕੌਰ ਸੰਗੂਧੌਣ , ਬਲਜਿੰਦਰ ਕੌਰ ਖੱਪਿਆਂਵਾਲੀ , ਕਿਰਨਪਾਲ ਕੌਰ ਮਹਾਂਬੱਧਰ , ਉਕਾਰ ਕੌਰ ਮਲੋਟ , ਸੁਖਵਿੰਦਰ ਕੌਰ ਝੋਰੜ , ਗਿਆਨ ਕੌਰ ਗੁਰੂਸਰ , ਕਿਰਨਜੀਤ ਕੌਰ ਸੁਖਨਾ , ਬੇਅੰਤ ਕੌਰ ਮੱਲਣ ਤੇ ਸੁਖਵਿੰਦਰ ਕੌਰ ਦੋਦਾ ਆਦਿ ਆਗੂ ਮੋਜੂਦ ਸਨ ।