- ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕੇਸਰੀ ਦੁਪੱਟੇ ਲੈ ਕੇ ਆਈਆਂ ਔਰਤਾਂ
-ਲੋਕ ਭਲਾਈ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਸਮੇਂ ਹੀ ਸ਼ੁਰੂ ਕੀਤੀਆਂ ਗਈਆਂ ਸਨ: ਹਰਗੋਬਿੰਦ ਕੌਰ
ਦੋਦਾ/ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਹਲਕਾ ਗਿੱਦੜਬਾਹਾ ਦੀ ਮੀਟਿੰਗ ਡੇਰਾ ਬਾਬਾ ਧਿਆਨ ਦਾਸ ਦੋਦਾ ਵਿਖੇ ਜਸਵਿੰਦਰ ਕੌਰ ਬੱਬੂ ਦੋਦਾ ਦੀ ਅਗਵਾਈ ਹੇਠ ਹੋਈ । ਜਿਸ ਦੌਰਾਨ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ ਤੇ ਔਰਤਾਂ ਕੇਸਰੀ ਦੁਪੱਟੇ ਲੈ ਕੇ ਪੁੱਜੀਆਂ । ਮੀਟਿੰਗ ਦੌਰਾਨ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ।
ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਆਮ ਲੋਕਾਂ ਦੀ ਭਲਾਈ ਲਈ ਜੋ ਵੀ ਸਕੀਮਾਂ ਚੱਲ ਰਹੀਆਂ ਹਨ ਉਹ ਸਾਰੀਆਂ ਸਕੀਮਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਭਾਗ ਸਮੇਂ ਸ਼ੁਰੂ ਕੀਤੀਆਂ ਗਈਆਂ ਸਨ । ਪਰ ਹੁਣ ਲੱਖਾਂ ਗਰੀਬ ਲੋਕਾਂ ਨੂੰ ਇਹਨਾਂ ਸਕੀਮਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ ਜੋ ਬੇਹੱਦ ਮਾੜੀ ਗੱਲ ਹੈ।
ਉਹਨਾਂ ਕਿਹਾ ਕਿ ਅਨੇਕਾਂ ਲੋਕਾਂ ਦੇ ਆਟਾ ਦਾਲ ਸਕੀਮ ਵਾਲੇ ਕਾਰਡ ਕੱਟ ਦਿੱਤੇ ਗਏ ਹਨ ਤੇ ਉਹਨਾਂ ਨੂੰ ਇਹ ਲਾਭ ਮਿਲਣਾ ਬੰਦ ਹੋ ਗਿਆ ਹੈ । ਇਸੇ ਤਰ੍ਹਾਂ ਅਨੇਕਾਂ ਬਜ਼ੁਰਗਾਂ ਦੀਆਂ ਬੁਢਾਪਾ ਪੈਨਸ਼ਨਾਂ ਕੱਟ ਦਿੱਤੀਆਂ ਗਈਆਂ ਹਨ । ਕਈ ਗਰੀਬ ਲੋਕਾਂ ਨੂੰ ਹਜ਼ਾਰਾਂ ਰੁਪਏ ਬਿਜਲੀ ਦਾ ਬਿੱਲ ਆ ਗਿਆ ਹੈ । ਜਿਸ ਨੂੰ ਭਰਨ ਤੋਂ ਉਹ ਅਸਮਰੱਥ ਹਨ । ਸ਼ਗਨ ਸਕੀਮ ਦੇ ਪੈਸੇ ਲੈਣ ਲਈ ਵੀ ਗਰੀਬ ਲੋਕ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ ।
ਉਹਨਾਂ ਕਿਹਾ ਕਿ ਸਰਕਾਰ ਨੇ ਦੇਣਾ ਤਾਂ ਕੀ ਸੀ ਉਲਟਾ ਪਹਿਲਾਂ ਮਿਲਦਾ ਵੀ ਬੰਦ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਔਰਤਾਂ ਬੇਹੱਦ ਨਿਰਾਸ਼ ਹਨ। ਕਿਉਂਕਿ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਅਜੇ ਤੱਕ ਹਜ਼ਾਰ ਹਜ਼ਾਰ ਰੁਪਈਆ ਨਹੀਂ ਮਿਲਿਆ ਤੇ ਉਹ ਉਡੀਕ ਉਡੀਕ ਕੇ ਥੱਕ ਹਾਰ ਗਈਆਂ ਹਨ ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੋਟਾਂ ਵੇਲੇ ਕਿਹਾ ਤਾਂ ਇਹ ਸੀ ਕਿ ਘਰ ਘਰ ਆਟੇ ਦੀ ਸਪਲਾਈ ਪਹੁੰਚਾਵਾਗੇ ਪਰ ਪਹੁੰਚ ਰਿਹਾ ਹੈ ਘਰ ਘਰ ਚਿੱਟਾ। ਜਿਸ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ ।
ਹਰਗੋਬਿੰਦ ਕੌਰ ਨੇ ਕਿਹਾ ਕਿ ਹੁਣ ਵੱਡੀ ਗਿਣਤੀ ਵਿੱਚ ਔਰਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੀਆਂ ਹਨ ਤੇ ਪਿੰਡਾਂ ਵਿਚ ਇਸਤਰੀ ਵਿੰਗ ਦੀਆਂ ਇਕਾਈਆਂ ਬਣਾਈਆਂ ਜਾ ਰਹੀਆਂ ਹਨ ।
ਇਸ ਮੌਕੇ ਅਮਰਜੀਤ ਕੌਰ ਦੋਦਾ , ਵਰਖਾ ਦੋਦਾ , ਮਨਜੀਤ ਕੌਰ ਦੋਦਾ , ਜਸਵੀਰ ਕੌਰ ਦੋਦਾ , ਅਮਰਜੀਤ ਕੌਰ ਬੁੱਟਰ ਸਰੀਂਹ , ਜਗਦੇਵ ਕੌਰ ਗੁਰੂਸਰ , ਸੁਮਨਦੀਪ ਕੌਰ ਲੁੰਡੇਵਾਲਾ , ਵੀਰਪਾਲ ਕੌਰ ਛੱਤੇਆਣਾ , ਪਵਨਦੀਪ ਕੌਰ ਕੋਟਭਾਈ , ਅਮਰਜੀਤ ਕੌਰ ਭਲਾਈਆਣਾ , ਚਰਨਜੀਤ ਕੌਰ ਸੂਰੇਵਾਲਾ , ਸੁਖਦੀਪ ਕੌਰ ਕਾਉਣੀ ਤੇ ਗਿਆਨ ਕੌਰ ਦੂਹੇਵਾਲਾ ਆਦਿ ਆਗੂ ਮੌਜੂਦ ਸਨ ।